
● ਭਗਵੰਤ ਮਾਨ ਸਰਕਾਰ ਨੇ ਹਿੰਦੂ ਸਮਾਜ ਦੀ ਲੰਬੇ ਸਮੇਂ ਤੋਂ ਮੰਦਿਰ ਨਵ-ਨਿਰਮਾਣ ਦੀ ਮੰਗ ਨੂੰ ਪੂਰਾ ਕੀਤਾ – ਸੰਦੀਪ ਬੰਧੂ
● ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਵਰਗ ਦੇ ਵਿਕਾਸ ਲਈ ਵਚਨਬੱਧ – ਬਲਤੇਜ ਪੰਨੂ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਟਿਆਲਾ ਵਿਖੇ ਵਿਸ਼ਵ ਪ੍ਰਸਿੱਧ ਅਤੇ ਇਤਿਹਾਸਕ ਮੰਦਿਰ ਸ੍ਰੀ ਕਾਲੀ ਦੇਵੀ ਜੀ ਦੇ ਨਵੀਨੀਕਰਨ ਪ੍ਰੋਜੈਕਟ ਲਈ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਮੰਦਿਰ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਲਈ ਹਿੰਦੂ ਸਮਾਜ ਦੇ ਲੀਡਰਾਂ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਸੰਦੀਪ ਬੰਧੂ ਵੱਲੋਂ ਬਲਤੇਜ ਪੰਨੂ ਦਾ ਸਨਮਾਨਿਤ ਕਰਦੇ ਹੋਏ ਮੰਹੂ ਮਿੱਠਾ ਕਰਵਾਇਆ ਗਿਆ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।
ਪ੍ਰੈਸ ਨੋਟ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਸੰਦੀਪ ਬੰਧੂ ਨੇ ਦੱਸਿਆ ਕਿ ਮੰਦਿਰ ਸ੍ਰੀ ਕਾਲੀ ਦੇਵੀ ਜੀ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਪੂਰੇ ਹਿੰਦੂ ਸਮਾਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਹਿੰਦੂ ਸਮਾਜ ਦੀ ਲੰਬੇ ਸਮੇਂ ਤੋਂ ਮੰਦਿਰ ਨਵ-ਨਿਰਮਾਣ ਦੀ ਮੰਗ ਨੂੰ ਪੂਰਾ ਕੀਤਾ। ਪੰਜਾਬ ਦਾ ਸਮੂਹ ਹਿੰਦੂ ਭਾਈਚਾਰਾ ਉਹਨਾਂ ਵਲੋਂ ਦਿੱਤੇ ਇਸ ਤੋਹਫ਼ੇ ਨੂੰ ਹਮੇਸ਼ਾਂ ਯਾਦ ਰੱਖੇਗਾ। ਮੰਦਿਰ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵਿਸ਼ਵਾਸ ਪਾਤਰ ਬਲਤੇਜ ਪੰਨੂ ਜੀ ਦੀ ਵੱਡੀ ਭੂਮਿਕਾ ਰਹੀ ਹੈ, ਜਿੰਨਾਂ ਨੇ ਹਿੰਦੂ ਸਮਾਜ ਦੀ ਲੰਬੇ ਸਮੇਂ ਤੋਂ ਮੰਦਿਰ ਨਵ-ਨਿਰਮਾਣ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਬੜੇ ਜੋਰਦਾਰ ਢੰਗ ਨਾਲ ਰੱਖਿਆ ਅਤੇ ਇਸਨੂੰ ਪੂਰਾ ਵੀ ਕਰਵਾਇਆ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਪੰਜਾਬ ਇੰਚਾਰਜ ਬਲਤੇਜ ਪੰਨੂ ਨੇ ਇਸ ਸਨਮਾਨ ਲਈ ਪੂਰੇ ਹਿੰਦੂ ਸਮਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ। ਪਟਿਆਲਾ ਦਾ ਮੰਦਿਰ ਸ੍ਰੀ ਕਾਲੀ ਦੇਵੀ ਜੀ ਇਕ ਵਿਸ਼ਵ ਪ੍ਰਸਿੱਧ ਅਤੇ ਇਤਿਹਾਸਕ ਮੰਦਿਰ ਵਜੋਂ ਜਾਣਿਆ ਜਾਂਦਾ ਹੈ। ਹਿੰਦੂ ਸਮਾਜ ਦੀ ਇਸ ਮੰਦਿਰ ਪ੍ਰਤੀ ਡੂੰਘੀ ਆਸਥਾ ਹੈ, ਉਹਨਾਂ ਵਲੋਂ ਲੰਬੇ ਸਮੇਂ ਤੋਂ ਇਸ ਮੰਦਿਰ ਦੇ ਨਵ-ਨਿਰਮਾਣ ਅਤੇ ਸੁੰਦਰੀਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੰਦਿਰ ਵਿੱਚ 75.08 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਕੇ ਪਹਿਲ ਦੇ ਆਧਾਰ ਤੇ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਇਤਿਹਾਸਕ ਮੰਦਿਰ ਨੂੰ ਅਣ-ਦੇਖਿਆ ਕੀਤਾ ਹੋਇਆ ਸੀ, ਪਿਛਲੇ 25 ਸਾਲਾਂ ਤੋਂ ਬੰਦ ਪਿਆ ਸਰੋਵਰ ਮੁੜ ਸੁਰਜੀਤ ਕਰਨ ਦੀ ਬਹੁਤ ਜ਼ਰੂਰਤ ਸੀ, ਜਦਕਿ ਹੁਣ ਸਰੋਵਰ ਦਾ ਪੂਰਨ ਨਵੀਨੀਕਰਨ ਕੀਤਾ ਜਾਵੇਗਾ। ਮੰਦਿਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕੀਤਾ ਜਾਵੇਗਾ, ਸ਼ਰਧਾਲੂਆਂ ਦੀ ਸੁਵਿਧਾ ਲਈ ਨਵੇਂ ਰਸਤੇ, ਲਿਫਟ, ਕਤਾਰ ਪ੍ਰਣਾਲੀ ਅਤੇ ਟੋਕਨ ਪ੍ਰਣਾਲੀ ਵੀ ਲਾਗੂ ਕੀਤੀ ਜਾਵੇਗੀ। ਪ੍ਰੋਜੈਕਟ ਅਧੀਨ ਸਰੋਵਰ ਵਿੱਚ ਪਾਣੀ ਦੀ ਨਵੀਂ ਵਿਵਸਥਾ, ਸੀਵਰੇਜ ਸਿਸਟਮ ਦਾ ਅੱਪਗਰੇਡੇਸ਼ਨ, ਅਤੇ ਆਮ ਆਦਮੀ ਕਲੀਨਿਕ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਧੁਨਿਕ ਸੁਵਿਧਾਵਾਂ ਨਾਲ ਸਜਿਆ ਨਵਾਂ ਲੰਗਰ ਭਵਨ ਵੀ ਤਿਆਰ ਕੀਤਾ ਜਾਵੇਗਾ।

ਬਲਤੇਜ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਹਿੰਦੂ ਸਮਾਜ ਵਲੋਂ ਇਸ ਇਤਿਹਾਸਕ ਨਵੀਨੀਕਰਨ ਪ੍ਰੋਜੈਕਟ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਧਾਰਮਿਕ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਸਗੋਂ ਇਹ ਪਟਿਆਲਾ ਦੇ ਸੱਭਿਆਚਾਰਕ ਅਤੇ ਟੂਰਿਜ਼ਮ ਵਿਕਾਸ ਵੱਲ ਵੀ ਇੱਕ ਵੱਡਾ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇੱਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਜੀ ਦਾ ਸੁਭਾਗ ਹੈ ਕਿ ਮਾਤਾ ਰਾਣੀ ਨੇ ਉਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਮੌਕਾ ਦਿੱਤਾ ਹੈ ਅਤੇ ਇਹ ਕੰਮ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਬਲਤੇਜ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਮੀਡੀਆ ਇੰਚਾਰਜ ਸੰਦੀਪ ਬੰਧੂ, ਐਡੀਸ਼ਨਲ ਐਡਵੋਕੇਟ ਜਨਰਲ ਮੋਹਿਤ ਕਪੂਰ ਅਤੇ ਪਾਰਟੀ ਦੇ ਸੀਨੀਅਰ ਲੀਡਰ ਅਮਿਤ ਵਿਕੀ ਵੀ ਹਾਜ਼ਰ ਸਨ।

